ਪੋਥੀ ਪਰਮੇਸਰੁ ਕਾ ਥਾਨੁ ...
"ਪੋਥੀ ਪਰਮੇਸਰੁ ਕਾ ਥਾਨੁ"
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਨਾਮ ਪੋਥੀ ਸਾਹਿਬ ਸੀ। ਇਸ ਵਿਚ ਪਰਮੇਸ਼ੁਰ ਵੱਸਦਾ ਹੈ। ਇਹ ਗੁਰੂ ਵੀ ਹੈ। ਇਸਦਾ ਲੜ੍ਹ ਫੜੀ ਰੱਖਣਾ ਹੈ।
ਗੁਰੂ ਮੰਤ੍ਰ - "ਵਾਹਿਗੁਰੂ" ਹੈ। ਇਸ ਮੰਤ੍ਰ ਦੇ ਸਿਮਰਨ ਨਾਲ ਉਹ ਸਭ ਕੁਛ ਪ੍ਰਾਪਤ ਹੋ ਜਾਂਦਾ ਹੈ, ਜੋ ਯੋਗੀ ਨੂੰ ਯੋਗ ਨਾਲ ਹੁੰਦਾ ਹੈ। ਇਸ ਵਿਚ ਵਾਧਾ ਇਹ ਹੈ ਕਿ ਇਹ ਮਾਰਗ ਨਿਰਵਿਘਨ ਮਾਰਗ ਹੈ।
'ਪ੍ਰਭ ਸਿਮਰਤ ਕਛੁ ਬਿਘਨੁ ਨ ਲਾਗੈ।।'
ਜੋਗ ਮਾਰਗ ਵਿਚ ਵਿਘਨ ਪੈਣ ਦਾ ਇਮਕਾਨ ਹੈ, ਪਰ ਇਸ ਮਾਰਗ ਵਿਚ ਵਿਘਨਾਂ ਦਾ ਡਰ ਨਹੀਂ, ਵਾਹਿਗੁਰੂ ਦਾ ਨਾਮ ਸਿਮਰੀ ਦਾ ਹੈ, ਆਪ ਰੱਖਿਆ ਕਰਦਾ ਹੈ। ਨਾਮ ਸਿਮਰਨ ਵਾਲੇ ਦੀ ਉਸ ਨੂੰ ਲਾਜ ਹੁੰਦੀ ਹੈ।
'ਸੋ ਇਕਾਂਤੀ ਜਿਸੁ ਰਿਦਾ ਥਾਇ।।'
ਰਿਸ਼ਤੇਦਾਰਾਂ ਦੋਸਤਾਂ ਵਿਚ ਰਹਿੰਦੇ ਹੋਇਆ ਮਨ ਇਕਾਂਤ ਵਿਚ ਰੱਖਣਾ ਇਹ ਗੁਰਸਿੱਖੀ ਹੈ। ਗੁਰਸਿੱਖ ਨੇ ਪਹਾੜ ਦੀਆਂ ਕੰਦਰਾਂ ਵਿਚ ਵਾਸ ਨੀ ਕਰਨਾ। ਉਹ ਆਪਣੀ ਆਤਮਕ ਸ਼ਕਤੀ ਦੀ ਕਮੀ ਪੂਰੀ ਕਰਨ ਵਾਸਤੇ ਕਦੇ ਇਕਾਂਤ ਵਾਸ ਕਰੇ ਤਾਂ ਹੋਰ ਗੱਲ ਹੈ।
ਸਿਮਰਨ ਵਿਚ ਅਸਾਂ ਗਾਫਲ ਨੀ ਹੋਣਾ। ਨਾ ਹੀ ਸੁਨ ਵੱਟਣੀ ਹੈ। ਸਿਮਰਨ ਕਰਨ ਨਾਲ ਅਸੀਂ ਵਾਹਿਗੁਰੂ ਜੀ ਦੀ ਸਮੀਪਤਾ ਹਾਸਲ ਕਰਨੀ ਹੈ ਤੇ ਬਿਗਸਨਾ ਹੈ। ਵਾਹਿਗੁਰੂ ਨੇ ਸਾਡੀ ਯਾਦ ਵਿਚ ਵਸਨਾ ਹੈ, ਇਹੀ ਸਿਮਰਨ ਹੈ। ਸਿਮਰਨ ਵਿਚ ਅਸੀਂ ਲਕਸ਼ ਵਲ ਧਿਆਨ ਰੱਖਣਾ ਹੈ। ਅੰਗਰੇਜ ਜਦ God ਕਹੇਗਾ, ਉਸਦਾ ਵਾਹਿਗੁਰੂ ਵਲ ਧਿਆਨ ਜਾਏਗਾ। ਜੇ ਇਕ ਕਸ਼ਮੀਰੀ ਗਾਡ ਕਹੇਗਾ ਤਾਂ ਉਸਦਾ ਮੱਛਲੀ ਵਲ ਧਿਆਨ ਜਾਏਗਾ ਕਿਉਂ ਕਿ ਕਸ਼ਮੀਰੀ ਆਪਣੀ ਬੋਲੀ ਵਿਚ ਮੱਛਲੀ ਨੂੰ ਗਾਡ ਕਹਿੰਦੇ ਹਨ।
(ਭਾਈ ਵੀਰ ਸਿੰਘ ਜੀ)
Comments
Post a Comment