ਹਰਿ ਚਰਣ ਕਮਲ ਧੵਾਨੰ ...
ਇਕ ਸੂਫ਼ੀ ਫ਼ਕੀਰ ਨੂੰ,ਇਕ ਪਿੰਡ ਦੇ ਵਾਸੀ ਨੇ ਬਹੁਤ ਕੌੜੇ ਸ਼ਬਦਾਂ ਦੇ ਨਾਲ ਆਖਿਆ-
"ਰੋਜ਼ ਭਿਖਸ਼ਾ ਮੰਗ ਕੇ ਲੈ ਜਾਂਦੇ ਹੋ ਔਰ ਖ਼ਾਮੋਸ਼ੀ ਨਾਲ ਲੰਘ ਜਾਂਦੇ ਹੋ,ਕੁਛ ਖ਼ੁਦਾ ਦੀ ਗੱਲ ਸੁਣਾਇਆ ਕਰੋ,ਕੋਈ ਖ਼ੁਦਾ ਦੇ ਮਾਰਗ ਤੇ ਤੁਰਨ ਦੀ ਗੱਲ ਕਰਿਆ ਕਰੋ।ਕੁਝ ਸਾਡੇ ਮਨ ਦੇ ਵਿਚ ਵੀ ਪ੍ਭੂ ਦੇ ਨਾਮ ਦਾ ਵਾਸਾ ਕਰਾਇਆ ਕਰੋ।ਚੁੱਪ ਚੁਪੀਤੇ ਹੀ ਲੰਘ ਜਾਂਦੇ ਹੋ।ਅੈਸਾ ਕਿਉਂ ?"
ਉਸ ਫ਼ਕੀਰ ਨੇ ਬੜੀ ਕੀਮਤੀ ਗੱਲ ਆਖੀ।
ਉਸ ਨੇ ਕਿਹਾ-
"ਜੇ ਮੇਰੇ ਕੋਲ ਕੁਛ ਹੋਵੇਗਾ,ਮੇਰੇ ਲੰਘਣ ਨਾਲ ਹੀ ਤੁਹਾਨੂੰ ਮਿਲ ਜਾਵੇਗਾ।ਅਗਰ ਮੇਰੇ ਕੋਲ ਕੁਛ ਵੀ ਨਹੀਂ ਤੇ ਮੇਰੇ ਬੋਲਣ ਨਾਲ ਵੀ ਤੁਹਾਨੂੰ ਕੁਛ ਨਹੀਂ ਮਿਲਣਾ।"
ਜੇ ਮੈਂ ਆਖਾਂ ਕਿ ਮੇਰੇ ਕਪੜੇ,ਇਹਨਾਂ ਵਿਚ ਬੜੀ ਸੁਗੰਧੀ ਹੈ,ਮੇਰੇ ਤਨ ਵਿਚ ਬੜੀ ਮਹਕ ਹੈ।ਜੇਕਰ ਮੈਂ ਅਤਰ ਲਗਾਇਆ ਹੋਵੇ।ਜੇ ਅਤਰ ਲਗਿਆ ਹੀ ਨਹੀਂ ਤਾਂ ਬੋਲਣ ਨਾਲ ਕੀ,ਕੁਛ ਵੀ ਨਹੀਂ।ਮੈਂ ਕਿਤਨਾ ਰੌਲਾ ਪਾਵਾਂ,ਕਿਤਨਾ ਸ਼ੋਰ ਸ਼ਰਾਬਾ ਕਰਾਂ,ਕਿ ਮੇਰੇ ਕੋਲ ਮਹਕ ਹੈ,ਸੁਗੰਧੀ ਹੈ,ਖ਼ੁਸ਼ਬੂ ਹੈ ਪਰ ਵਾਸਤਵਿਕ ਖ਼ੁਸ਼ਬੂ ਨਾ ਹੋਵੇ ਤਾਂ ਵਾਕਈ ਇਕ ਰੌਲਾ ਹੀ ਹੈ,ਹੋਰ ਕੁਛ ਨਹੀਂ।ਪਰ ਜੇ ਖ਼ੁਸ਼ਬੂ ਲਗਾਈ ਹੋਵੇ,ਇਤਰ ਲਗਾਇਆ ਹੋਵੇ,ਰੌਲਾ ਪਾਉਣ ਦੀ ਲੋੜ ਵੀ ਨਹੀਂ, ਖ਼ਾਮੋਸ਼ੀ ਨਾਲ ਲੰਘ ਜਾਏ,ਲੋਕੀਂ ਮੋਅ਼ਤਰ ਹੋ ਜਾਣਗੇ।ਲੋਕੀਂ ਧੰਨ ਧੰਨ ਕਰ ਉੱਠਣਗੇ।
ਇਸੇ ਤਰਾਂ ਸੁਗੰਧਿਤ ਹਿਰਦਾ ਹੋ ਜਾਏ ਪ੍ਭੂ ਦੇ ਗੁੁਣਾਂ ਨਾਲ ਤੇ ਉਹ ਜਿੱਥੇ ਵੀ ਬੈਠਦਾ ਹੈ ਮਹਕ ਖਿਲੇਰਦਾ ਹੈ।ਜਿਹੜੇ ਉਸ ਦੇ ਸੰਬੰਧ ਵਿਚ ਆਉਣਗੇ,ਉਹ ਉਸ ਦੀ ਕੁੱਲ ਬਣ ਜਾਏਗੀ ਅੌਰ ਉਸ ਕੁਲ ਦਾ ਵੀ ਉਧਾਰ ਹੋ ਜਾਂਦਾ ਹੈ,ਕਿਉਂਕਿ ਉਹ ਜਿੱਥੇ ਬੈਠਦਾ ਹੈ, ਵਾਤਾਵਰਨ,ਫ਼ਿਜ਼ਾ ਦੇ ਵਿਚ,ਖ਼ੁਸ਼ਬੂਆਂ ਹੀ ਖ਼ੁਸ਼ਬੂਆਂ ਡੁਲਦੀਆਂ ਨੇ।
ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਨੇ,ਜਿੰਨਾਂ ਦਾ ਧਿਆਨ ਪ੍ਭੂ ਦੇ ਚਰਨ ਕਮਲਾਂ ਨਾਲ ਜੁੜਦਾ ਹੈ ਉਹ ਆਪਣੀ ਕੁੱਲ ਦਾ ਵੀ ਉਧਾਰ ਕਰ ਲੈਂਦੇ ਨੇ ਆਪਣੇ ਪਰਵਾਰ ਦਾ ਵੀ ਆਸਰਾ ਬਣਦੇ ਨੇ।ਆਪਣੇ ਸੰਬੰਧੀਆਂ ਦਾ ਵੀ ਆਸਰਾ ਬਣਦੇ ਨੇ-
ਹਰਿ ਚਰਣ ਕਮਲ ਧੵਾਨੰ ਨਾਨਕ ਕੁਲ ਸਮੂਹ ਉਧਾਰਣਹ ॥੧੧॥
{ਗਾਥਾ ਮ: ੫ ਅੰਗ ੧੩੬੦}
ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ
Comments
Post a Comment