ਹਰੀ ਨਾਹਿ ਨਹ ਡਡੁਰੀ ਪਕੀ ਵਢਣਹਾਰ ...
ਹਰੀ ਨਾਹਿ ਨਹ ਡਡੁਰੀ ਪਕੀ ਵਢਣਹਾਰ॥"
{ਸਿਰੀਰਾਗੁ ਮ :੫,ਪੰਨਾ ੪੩}
ਪੱਕੀ ਖੇਤੀ ਤਾਂ ਕੱਟੀ ਹੀ ਜਾਣੀ ਹੈ,ਪਰ ਕਈ ਵਾਰੀ ਖੇਤੀ ਚਾਹੇ ਡੱਡਿਆਂ 'ਤੇ ਆਈ ਹੈ,ਚਾਹੇ ਹਰੀ ਹੀ ਹੈ,ਖੇਤੀ ਵੱਢੀ ਜਾਂਦੀ ਹੈ। ਬੱਚਿਆਂ ਦੀ ਵੀ ਮੌਤ ਹੁੰਦੀ ਹੈ,ਜਵਾਨਾਂ ਦੀ ਵੀ ਮੌਤ ਹੁੰਦੀ ਹੈ, ਬੁੱਢਿਆਂ ਦੀ ਵੀ ਹੁੰਦੀ ਹੈ।ਲਿਹਾਜ਼ਾ ਬੱਚੇ ਨੂੰ ਪਾਣੀ ਵੀ ਚਾਹੀਦਾ ਹੈ,ਬਾਣੀ ਵੀ ਚਾਹੀਦੀ ਹੈ। ਇਕ ਮਾਸੂਮ ਬੱਚਾ ਗੋਦ ਵਿਚ ਹੈ,ਆਪ ਪਾਣੀ ਨਹੀਂ ਪੀ ਸਕਦਾ,ਮਾਂ ਪਾਣੀ ਪਿਲਾ ਰਹੀ ਹੈ। ਗੋਦ ਵਿਚ ਪਏ ਹੋਏ ਬੱਚੇ ਦੇ ਕੰਨ ਵਿਚ ਮਾਂ ਹੀ ਗੁਰਬਾਣੀ ਦੀਆਂ ਤੁੱਕਾਂ ਪਾਵੇ,ਮਾਂ ਹੀ 'ਵਾਹਿਗੁਰੂ ਵਾਹਿਗੁਰੂ' ਦਾ ਜਾਪ ਕਰੇ,ਤਾਂਕਿ ਬੱਚਾ ਇਸੇ ਧੁਨ ਵਿਚ ਪਾ੍ਣ ਲਵੇ, ਇਸੇ ਧੁਨ ਵਿਚ ਜੀਵੇ।
ਮਾਂ ਆਪ ਰੋਟੀ ਖਾਣ ਲੱਗੇ ਤਾਂ 'ਵਾਹਿਗੁਰੂ ਵਾਹਿਗੁਰੂ' ਦਾ ਜਾਪ ਕਰੇ।
ਜੇ ਬੱਚੇ ਨੂੰ ਪਾਣੀ ਦੀ ਲੋੜ ਹੈ ਤਾਂ ਬੱਚੇ ਨੂੰ ਬਾਣੀ ਦੀ ਵੀ ਲੋੜ ਹੈ। ਜੇ ਬੱਚੇ ਨੂੰ ਭੋਜਨ ਦੀ ਲੋੜ ਹੈ ਤਾਂ ਭਜਨ ਦੀ ਵੀ ਲੋੜ ਹੈ। ਜਵਾਨ ਨੂੰ,ਬੁੱਢੇ ਨੂੰ ਭੋਜਨ ਦੀ ਲੋੜ ਹੈ ਤਾਂ ਭਜਨ ਦੀ ਵੀ ਲੋੜ ਹੈ। ਇਹ ਕੇਵਲ ਉਮਰ ਦੀ ਲੋੜ ਨਹੀਂ, ਸਾਹਿਬ ਕਹਿੰਦੇ ਨੇ ਕਿ ਇਹ ਬਚਪਨ ਵਿਚ ਹੀ ਸ਼ੁਰੂ ਕਰਨਾ ਹੈ।
ਗਿਆਨ ਤੇ ਵਿਗਿਆਨ ਨੇ ਦੋ ਉਪਰਾਲੇ ਕੀਤੇ ਹਨ ਔਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਗਿਆਨ ਤੇ ਵਿਗਿਆਨ ਦਾ ਸੰਗਮ ਕਰਦੇ ਨੇ,ਧਨ ਤੇ ਧਰਮ ਦਾ ਸੰਗਮ ਕਰਦੇ ਨੇ;ਪਦਾਰਥਾਂ ਤੇ ਪਰਮਾਤਮਾਂ ਦਾ ਸੰਗਮ ਕਰਦੇ ਨੇ। ਸੰਸਾਰ ਪ੍ਮਾਤਮਾਂ ਤੋਂ ਅਲੱਗ ਨਹੀਂ ਹੈ,ਧਨ ਧਰਮ ਤੋਂ ਅਲੱਗ ਕਿਸ ਤਰਾਂ ਹੋ ਸਕਦਾ ਹੈ। ਜਦ ਸੰਸਾਰ ਤੋਂ ਅਲੱਗ ਨਹੀਂ ਹੈ ਤੋ ਪਦਾਰਥ ਪਰਮਾਤਮਾਂ ਤੋਂ ਅਲੱਗ ਕਿਵੇਂ ਹੋਣਗੇ। ਦੋਹਾਂ ਦੀ ਪ੍ਰਾਪਤੀ ਕਰੋ,ਰਾਜ ਜੋਗੀ ਬਣੋ ਔਰ ਗਿਆਨੀ ਬਣੋ,ਵਿਗਿਆਨੀ ਬਣੋ;
ਬਾਹਰ ਦੀ ਸਮਝ ਰੱਖੋ,ਅੰਦਰ ਦੀ ਸਮਝ ਰੱਖੋ।
ਕਿਉਂ?
ਧੰਨ ਗੁਰੂ ਤੇਗ ਬਹਾਦਰ ਜੀ ਫ਼ੁਰਮਾਨ ਕਰਦੇ ਨੇ :-
"ਬਾਹਰਿ ਭੀਤਰਿ ਏਕੋ ਜਾਨਹੁ ਇਹੁ ਗੁਰ ਗਿਆਨੁ ਬਤਾਈ॥
ਜਨ ਨਾਨਕ ਬਿਨੁ ਅਾਪਾ ਚੀਨੈ ਮਿਟੈ ਨ ਭ੍ਮ ਕੀ ਕਾਈ॥"
{ਧਨਾਸਰੀ ਮ: ੯, ਪੰਨਾ ੬੮੪}
ਜੋ ਪਦਾਰਥ ਬਾਹਰ ਹੈ,ਇਸ ਨੂੰ ਪਰਮਾਤਮਾ ਸਮਝੋ ਅੌਰ ਜੋ ਅੰਦਰ ਹੈ ਪਰਮਾਤਮਾ,ਇਸ ਨੂੰ ਅੰਦਰ ਪਰਮਾਤਮਾ ਸਮਝੋ। ਪਦਾਰਥ ਬਣ ਕੇ ਪਰਮਾਤਮਾ ਸਰੀਰ ਦੀ ਪਾਲਨਾ ਕਰਦਾ ਹੈ ਔਰ ਪਰਮਾਤਮਾ ਅੰਦਰੋਂ ਸਵੈਮ ਮਹਾਂ-ਆਨੰਦ,ਮਹਾਂ-ਆਨੰਦ,ਮਹਾਂ-ਰਸ ਪ੍ਦਾਨ ਕਰਦਾ ਹੈ,ਬਸ ਇਸ ਦੀ ਸੂਝ-ਸਮਝ ਹੋਣੀ ਚਾਹੀਦੀ ਹੈ,ਇਸ ਦਾ ਉੱਦਮ ਤੇ ਉਪਰਾਲਾ ਹੋਣਾ ਚਾਹੀਦਾ ਹੈ। ਸਤਿਗੁਰੂ ਰਹਿਮਤ ਕਰਨ,ਅਸੀਂ ਰਾਜ ਜੋਗੀ ਬਣ ਸਕੀਏ :-
"ਰਾਜ ਮਹਿ ਰਾਜੁ ਜੋਗ ਮਹਿ ਜੋਗੀ॥
ਤਪ ਮਹਿ ਤਪੀਸਰੁ ਗਿ੍ਹਸਤ ਮਹਿ ਭੋਗੀ॥"
{ਗਉੜੀ ਸੁਖਮਣੀ ਮ:੫, ਪੰਨਾ ੨੮੪}
ਇਹ ਸਾਡੀ ਰੂਪ-ਰੇਖਾ ਹੋਵੇ। ਸਤਿਗੁਰੂ ਐਸੀ ਰਹਿਮਤ ਕਰਨ, ਬਖ਼ਸ਼ਿਸ਼ ਕਰਨ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ
Comments
Post a Comment