ਜਿਨਾੑ ਅੰਦਰ ਭਜਨ ਦੀ ਭੁੱਖ ...

ਜਿਨਾੑ ਅੰਦਰ ਭਜਨ ਦੀ ਭੁੱਖ ਪੈਦਾ ਹੋਈ,ਉਨਾੑਂ ਰਾਹੀਂ ਹੀ ਸਤਿਸੰਗ ਦੀ ਉਸਾਰੀ ਹੋਈ,ਧਰਮ ਗ੍ੰਥਾ,ਸਮਾਧੀ,ਸੁਰਤਿ-ਸ਼ਬਦ,ਸਾਧਨਾ ਦਾ ਜਨਮ ਹੋਇਆ।ਸੰਸਾਰ ਵਿਚ ਜਿਤਨੇ ਕਾਰਖਾਨੇ,ਫੈਕਟਰੀਆਂ ਨੇ,ਉਤਨੇ ਧਰਮ ਮੰਦਿਰ ਨਹੀਂ,ਬਹੁਤ ਥੋੜੇੑ ਨੇ।ਜਿਸ ਦਿਨ ਸਾਰਿਆਂ ਦੇ ਅੰਦਰ ਪਰਮਾਤਮਾ ਦੀ ਭੁੱਖ ਪੈਦਾ ਹੋ ਗਈ,ਬਾਜ਼ਾਰ ਵੀ ਮੰਦਿਰ ,ਘਰ ਵੀ ਮੰਦਿਰ ਹੋਵੇਗਾ :- "ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨੁ ਸਦਾ ਵਿਸੋਆ॥੨੭॥੧॥" {ਵਾਰ,ਭਾਈ ਗੁਰਦਾਸ ਜੀ} ਰਵਿਦਾਸ ਬਾਜ਼ਾਰ ਵਿਚ ਬੈਠਾ ਜੁੱਤੀਆਂ ਗੰਢਦਾ ਹੋਇਆ ਨਾਲ ਲੋਕਾਂ ਦੇ ਦਿਲ ਗੰਢਦਾ ਹੈ,ਉਹ ਚੌਂਕ ਮੰਦਰ ਬਣ ਗਿਆ। ਨਾਮਦੇਵ ਘਰ ਵਿਚ ਕੱਪੜੇ ਰੰਗਦਾ ਹੈ।ਛੋਟੇ ਜਿਹੇ ਘਰ ਵਿਚ ਬਣੇ ਕਾਰਖ਼ਾਨੇ ਵਿਚ ਕੱਪੜੇ ਰੰਗਦਾ ਰੰਗਦਾ ਆਪਣਾ ਅਤੇ ਲੋਕਾਂ ਦੇ ਮਨਾਂ ਨੂੰ ਰੰਗੀ ਜਾਂਦਾ ਹੈ,ਤੇ ਘਰ ਹੀ ਮੰਦਿਰ ਬਣ ਗਿਆ। ਕਬੀਰ ਤਾਣਾ-ਪੇਟਾ ਬੁਣਦਾ ਹੋਇਆ ਕਹਿੰਦਾ ਹੈ- "ਹੇ ਪ੍ਭੂ ! ਤੂੰ ਹੀ ਸਭ ਤੋਂ ਵੱਡਾ ਜੁਲਾਹਾ ਹੈਂ।ਸਾਰੇ ਜਗਤ ਦਾ ਤਾਣਾ ਤਣਿਆ ਹੋਇਆ ਹੈ।ਅਾਤਮਾ ਤੇ ਸਰੀਰ ਇਕ ਕੀਤਾ ਹੋਇਆ ਹੈ।" ਕੁਛ ਲੋਕਾਂ ਨੇ ਕਬੀਰ ਜੀ ਨੂੰ ਕਿਹਾ ਕਿ ਤੁਸੀਂ ਹੁਣ ਵੱਡੇ ਭਗਤ ਹੋ ਗਏ ਹੋ,ਕੱਪੜਾ ਬੁਣਨਾ ਛੱਡ ਦਿਉ।ਪਹਿਲਾਂ ਬੁਣਦੇ ਹੋ ; ਫਿਰ ਥਾਨ ਬਣਾ ਕੇ ਬਾਜ਼ਾਰ ਵਿਚ ਵੇਚਦੇ ਹੋ ; ਚੰਗੇ ਨਹੀਂ ਲੱਗਦੇ। ਕਬੀਰ ਜੀ ਨੇ ਕਿਹਾ- "ਪਹਿਲੇ ਮੈਂ ਕੱਪੜਾ ਬੁਣਦਾ ਸੀ,ਮੇਰਾ ਧੰਧਾ ਸੀ।ਪਰ ਹੁਣ ਕੱਪੜਾ ਬੁਣਨਾ ਧਰਮ ਬਣ ਗਿਆ ਹੈ।ਹੁਣ ਤਾਂ ਮੈਂ ਸੇਵਾ ਕਰਦਾ ਹਾਂ।ਹੁਣ ਮੇਰੇ ਹੱਥ ਦਾ ਬੁਣਿਆ ਕੱਪੜਾ ਜਿਸ ਨੇ ਪਾਇਆ ਹੋਇਆ ਹੁੰਦਾ ਹੈ,ਮੈਂ ਬੜਾ ਖ਼ੁਸ਼ ਹੁੰਦਾ ਹਾਂ।ਹੇ ਪ੍ਭੂ ! ਤੂੰ ਮੇਰੇ ਹੱਥ ਦਾ ਬਣਿਆ ਕੱਪੜਾ ਪਾਇਆ ਹੋਇਆ ਹੈ,ਜੋ ਮੈਨੂੰ ਉਪਜੀਵਿਕਾ ਦੇ ਦਿੰਦਾ ਹੈ।ਹੁਣ ਮੇਰਾ ਕੱਪੜਾ ਪਰਮਾਤਮਾ ਪਾਉਂਦਾ ਹੈ।ਤੇ ਇਹ ਕੱਪੜੇ ਬਣਾਉਣਾ ਸੇਵਾ ਬਣ ਗਈ ਹੈ,ਹੁਣ ਕੱਪੜਾ ਬੁੁਣਨਾ ਧੰਧਾ ਨਹੀਂ ਰਿਹਾ। ਧੰਨ ਗੁਰੂ ਨਾਨਕ ਦੇਵ ਜੀ ਦੇਖਣ ਨੂੰ ਤਾਂ ਮੋਦੀਖ਼ਾਨੇ ਵਿਚ ਬਠੇ ਤੱਕੜੀ ਤੋਲਦੇ ਨੇ,ਪਰ ਮੋਦੀਖ਼ਾਨਾ,ਇਹ ਦੁਕਾਨ ਵੀ ਤਾਂ ਮੰਦਿਰ ਸੀ।ਗਿਣਤੀ ਪਏ ਕਰਦੇ ਨੇ- 10-11-12-13-ਤੇਰਾਂ 'ਤੇ ਆ ਕੇ ਓਸ ਪ੍ਭੂ ਨਾਲ ਜੁੜ ਗਏ।ਅਸੀਂ 'ਵਾਹਿਗੁਰੂ ਵਾਹਿਗੁਰੂ' ਕਰਦਿਆਂ ਵੀ ਨਹੀਂ ਜੁੜਦੇ, ਕੋਈ ਗਿਣਦਿਆਂ ਗਿਣਦਿਆਂ ਰੱਬ ਨਾਲ ਜੁੜ ਜਾਂਦਾ ਹੈ- ਤੇਰਾ ਤੇਰਾ,ਤੇ ਜਦ ਸਭ ਕੁਝ ਹੈ ਹੀ ਤੇਰਾ,ਬਰਕਤ ਤਾਂ ਆਪੇ ਹੀ ਪੈਣੀ ਸੀ।ਸਾਰੇ ਸੰਸਾਰ ਨੂੰ ਮੰਦਿਰ ਬਣਾਉਣਾ ਹੈ।ਜਦ ਤਕ ਸਾਰਾ ਸੰਸਾਰ ਮੰਦਿਰ ਨਹੀਂ ਬਣਦਾ,ਸੰਸਾਰ ਨਰਕ ਹੀ ਬਣਿਆ ਰਹੇਗਾ।ਨਰਕ ਤੇ ਸਵਰਗ ਦੁਖ-ਸੁਖ ਨੂੰ ਕਹਿੰਦੇ ਨੇ :- "ਕਬੀਰ ਸੁਰਗ ਨਰਕ ਤੇ ਮੈ ਰਹਿਓ ਸਤਿਗੁਰ ਕੇ ਪਰਸਾਦਿ॥ ਚਰਨ ਕਮਲ ਕੀ ਮਉਜ ਮਹਿ ਰਹਉ ਅੰਤਿ ਅਰੁ ਆਦਿ॥੧੨੦॥ {ਸਲੋਕ ਕਬੀਰ ਜੀ,ਪੰਨਾ ੧੩੭੦} ਗਿਅਾਨੀ ਸੰਤ ਸਿੰਘ ਜੀ ਮਸਕੀਨ

Comments

Popular posts from this blog

ਦਿਤਾ ਲਈਐ ਆਪਣਾ ਅਣਿਦਿਤਾ ...

ਬਿਨਾ ਸੰਤੋਖ ਨਹੀ ਕੋਊ ਰਾਜੈ ...

ਕੇ ਸਿਫਲਾ ਖੁਦਾਬੰਦ ਹਸਤੀ ਮਵਾਸ਼ ...