ਕਰਤੂਤਿ ਪਸੂ ਕੀ ਮਾਨਸ ਜਾਤਿ ...
ਧੰਨ ਗੁਰੂ ਤੇਗ ਬਹਾਦੁਰ ਸਾਹਿਬ ਜੀ ਮਹਾਰਾਜ ਮਾਲਵੇ ਦੀ ਧਰਤੀ ਵਿਚ ਵਿਚਰ ਰਹੇ ਸਨ। ਘੋੜੇ 'ਤੇ ਅਸਵਾਰ ਨੇ',ਨਾਲ 20-25 ਸਿੰਘ ਘੋੜਿਆਂ 'ਤੇ ਨੇ। ਅਚਾਨਕ ਸਤਿਗੁਰੂ ਜੀ ਦਾ ਘੋੜਾ ਰੁਕ ਗਿਆ। ਸਤਿਗੁਰੂ ਲਗਾਮ ਖਿੱਚਦੇ ਨੇ,ਘੋੜਾ ਅੱਗੇ ਨਹੀਂ ਚਲਦਾ। ਅੈਸਾ ਪਹਿਲੀ ਦਫ਼ਾ ਹੋਇਆ ਕਿ ਘੋੜਾ ਆਗਿਆ ਨਹੀਂ ਮੰਨਦਾ। ਸਤਿਗੁਰੂ ਇਸ਼ਾਰਾ ਕਰਦੇ ਨੇ,ਫਿਰ ਵੀ ਨਹੀਂ ਚਲਦਾ। ਸਤਿਗੁਰੂ ਜੀ ਨੇ ਕਦੇ ਮਾਰਿਆ ਹੀ ਨਹੀਂ ਸੀ ,ਲੋੜ ਵੀ ਨਹੀਂ ਸੀ। ਇਸ਼ਾਰਿਆਂ ਨਾਲ ਚੱਲਣ ਵਾਲਾ ਅੱਜ ਨਹੀਂ ਚੱਲਦਾ।
ਲਗਾਮ ਖਿੱਚਦੇ ਨੇ,ਪਰ ਨਹੀਂ ਚੱਲਦਾ। ਮਹਾਰਾਜ ਕਾਠੀ ਤੋਂ ਥੱਲੇ ਉਤਰੇ ਕਿ ਸ਼ਾਇਦ ਪੈਰ ਵਿਚ ਕੁਛ ਲੱਗ ਨਾ ਗਿਆ ਹੋਵੇ। ਥੱਲੇ ਉਤਰਦਿਆਂ ਸਾਰ ਫਿਰ ਪਲਾਕੀ ਮਾਰ ਘੋੜੇ 'ਤੇ ਜਾ ਬੈਠੇ। ਅੌਰ ਜਿਉਂ ਹੀ ਘੋੜੇ ਨੂੰ ਮੋੜਿਆ, ਉਹ ਮੁੜ ਪਿਆ, ਜਿਉਂ ਹੀ ਚਲਾਇਆ ਤਾਂ ਚੱਲ ਪਿਆ।
ਸਿੰਘ ਕਹਿਣ ਲੱਗੇ-
"ਇਕੋ ਹੀ ਤਾਂ ਪੈਲੀ ਹੈ,ਜਿੱਥੋਂ ਲੰਘ ਕੇ ਸਾਹਮਣੇ ਹਵੇਲੀ ਵਿਚ ਪਹੁੰਚਣਾ ਹੈ। ਅੈਹ ਲੰਬਾ ਵਲਾ ਬਹੁਤ ਦੂਰ ਪੈ ਜਾਣਾ ਹੈ,ਵਾਟ ਬਹੁਤ ਲੰਬੀ ਹੋ ਜਾਏਗੀ।"
ਸਤਿਗੁਰੂ ਜੀ ਕਹਿਣ ਲੱਗੇ-
"ਇਸ ਲੰਬੀ ਵਾਟ ਨੂੰ ਤੈਅ ਕਰ ਕੇ ਹੀ ਹਵੇਲੀ ਪਹੁੰਚਣਾ ਹੈ, ਸਾਡਾ ਘੋੜਾ ਇਸ ਪੈਲੀ ਵਿਚੋਂ ਨਹੀਂ ਲੰਘਦਾ, ਕਿਉਂਕਿ ਦੋ ਸਾਲ ਪਹਿਲਾਂ ਇਸ ਖੇਤ ਵਿਚ ਤੰਬਾਕੂ ਬੀਜਿਆ ਹੋਇਆ ਸੀ, ਇਸ ਵਾਸਤੇ ਨਹੀਂ ਲੰਘਦਾ।
"ਤੋ ਇਤਨੀ ਸੂਝ ਘੋੜੇ ਨੂੰ ਵੀ ਹੈ। ਮਨੁੱਖ ਨੂੰ ਤਾਂ ਇਨਾੑਂ 10-20 ਸਾਲਾਂ ਵਿਚ ਸਮਝ ਆਈ ਹੈ ਕਿ ਤੰਬਾਕੂ ਕਿਤਨਾ ਹਾਨੀਕਾਰਕ ਹੈ, ਅੌਰ ਮਨੁੱਖ ਲਈ ਕਿਤਨਾ ਨੁਕਸਾਨਦਾਇਕ ਹੈ। ਫੇਫੜਿਆਂ ਦੇ ਤੇ ਗਲੇ ਦੇ ਕੈਂਸਰ ਦਾ ਜਨਮਦਾਤਾ ਹੈ,ਇਹ ਤਾਂ ਹੁਣ ਸਮਝ ਪਈ। 350 ਸਾਲ ਪਹਿਲਾਂ ਸਤਿਗੁਰੂ ਸਾਨੂੰ ਰੋਕਦੇ ਨੇ। ਘੋੜੇ ਸਮਝ ਰੱਖਦੇ ਨੇ। ਸਾਰੇ ਘੋੜੇ ਤਾਂ ਨਹੀਂ, ਕੁਛ ਪਸ਼ੂ ਸਮਝ ਰੱਖਦੇ ਨੇ। ਔਰ ਇਹ ਪਸ਼ੂ ਨਹੀਂ ਨੇ ਬਲਕਿ ਮਾਨਸਿਕ ਤੋਰ ਤੇ ਮਨੁੱਖ ਨੇ। ਤੇ ਮਨੁੱਖਾਂ ਵਿਚੋਂ ਵੀ ਕਈ ਮਨੁੱਖ ਅੈਸੇ ਨੇ ਜੋ ਮਨੁੱਖ ਨਹੀਂ ਨੇ ਬਲਕਿ ਮਾਨਸਿਕ ਤੋਰ ਤੇ ਪਸ਼ੂ ਹਨ।
"ਕਰਤੂਤਿ ਪਸੂ ਕੀ ਮਾਨਸ ਜਾਤਿ॥
ਲੋਕ ਪਚਾਰਾ ਕਰੈ ਦਿਨੁ ਰਾਤਿ॥
{ਮ: ੫, ਪੰਨਾ ੨੬੭}
ਸ਼ੇਖ ਸਾਅਦੀ ਸਾਹਿਬ ਕਹਿੰਦੇ ਨੇ :-
"ਇਨਸਾਨ ਰਾ ਇਨਸਾਨੀਅਤ ਲਾਜ਼ਮ ਅਸਤ।
ਊਦ ਗਰ ਬੂ ਨ ਦਾਰਦ ਹੈਜ਼ਮ ਅਸਤ।
ਮਨੁੱਖ ਦੇ ਅੰਦਰ ਮਨੁੱਖਤਾ ਲਾਜ਼ਮੀ ਚਾਹੀਦੀ ਹੈ। ਅਗਰ ਚੰਦਨ ਅੰਦਰ ਖ਼ੁਸ਼ਬੂ ਨਹੀਂ ਹੈ, ਤਾਂ ਉਸ ਨੂੰ ਚੰਦਨ ਕਹਿਣ ਦੀ ਕੀ ਲੋੜ ਹੈ। ਅਾਮ ਲੱਕੜ ਹੈ। ਅਗਰ ਮਨੁੱਖ ਵਿਚ ਮਨੁੱਖਤਾ ਨਹੀਂ ਹੈ ,ਤਾਂ ਉਸ ਨੂੰ ਮਨੁੱਖ ਕਹਿਣ ਦੀ ਕੀ ਲੋੜ ਹੈ। ਪਸ਼ੂ ਹੈ ਹੈਵਾਨ ਹੈ।
ਗਿਅਾਨੀ ਸੰਤ ਸਿੰਘ ਜੀ ਮਸਕੀਨ
Comments
Post a Comment