ਨਕਿ ਨਥ ਖਸਮ ਹਥ ਕਿਰਤੁ ਧਕੇ ਦੇ ...
ਨਕਿ ਨਥ ਖਸਮ ਹਥ ਕਿਰਤੁ ਧਕੇ ਦੇ॥ ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ॥
{ਮ: ੨, ਪੰਨਾ ੬੫੩}
ਦੂਜੇ ਗੁਰੂ ਨਾਨਕ ਜੀ ਦੇ ਬੋਲ,ਸਤਿਗੁਰੂ ਕਹਿ ਰਹੇ ਨੇ ਕਿ ਇਕ ਸਚਾਈ ਮੇਰੇ ਕੋਲੋਂ ਸੁਣ ਲਉ। ਮਨੁੱਖ ਜਿੱਥੇ ਬੈਠਾ ਹੈ,ਉੁਥੇ ਉਸ ਦਾ ਰਿਜ਼ਕ ਨਹੀਂ,ਰਿਜ਼ਕ ਲੱਭਣਾ ਪੈਣਾ ਹੈ। ਜਿਥੇ ਰਿਜ਼ਕ ਪਿਆ ਹੈ,ਇਹ ਰਿਜ਼ਕ ਉਸ ਨੂੰ ਖਿੱਚ ਕੇ ਉਥੇ ਲੈ ਜਾਏਗਾ। ਲੱਭਦਾ-ਲੱਭਦਾ ਉਥੇ ਹੀ ਚਲਾ ਜਾਏਗਾ,ਕਿੱਥੇ?ਜਿੱਥੇ ਇਸ ਦਾ ਰਿਜ਼ਕ ਹੈ।
ਬਹੁਤ ਪੁਰਾਣੀ ਗੱਲ ਹੈ,ਅੰਦਾਜਨ ਕੋਈ ਚਾਲੀੑ ਸਾਲ ਪੁਰਾਣੀ,ਸੰਨ ੧੯੬੨-੬੩ ਦੀ ਹੋਵੇਗੀ। ਮੈਂ ਸਵੇਰੇ-ਸਵੇਰੇ ਟਰੇਨ ਤੋਂ ਉਤਰਿਆ,ਅਾਸਨਸੋਲ ਤੋਂ ਆਇਆ ਸਾਂ। ਫਿਰ ਨਹਾ ਧੋ ਕੇ ਜਿਉਂ ਹੀ ਮੱਥਾ ਟੇਕਣ ਗੁ: ਸੀਸ ਗੰਜ ਸਾਹਿਬ ਵਿਖੇ ਪੁਹੰਚਿਅਾ,ਗਿਆਨੀ ਮਾਨ ਸਿੰਘ ਜੀ ਝੋਰ,ਅਨੁਭਵੀ ਅਰਥ ਕਰਨ ਵਾਲੇ,ਗੁਰਬਾਣੀ ਦੀ ਬੜੀ ਗਹਿਰਾਈ ਵਿਚ ਜਾਣ ਵਾਲੇ,ਗੁਰਦੁਆਰਾ ਸੀਸ ਗੰਜ਼ ਸਾਹਿਬ ਵਿਖੇ ਕਥਾ ਕਰ ਰਹੇ ਸਨ। ਭਾਵੇਂ ਮੈਂ ਅਲਵਰ ਲਈ ਚਾਲੇ ਪਾਉਣੇ ਸਨ,ਪਰ ਮੈਂ ਰੁਕ ਗਿਆ ਤੇ ਬੈਠ ਗਿਆ। ਉਦੋਂ ਉਹ ੮੪ ਕੁ ਸਾਲ ਦੇ ਸਨ,ਮੇਰੀ ਚੜੑਦੀ ਜੁਆਨੀ ਸੀ। ਮੈਂ ਕਿਹਾ ਕਿ ਬਜ਼ੁਰਗ ਨੇ,ਵਿਦਵਾਨ ਨੇ,ਇਨਾੑਂ ਦੀ ਕਥਾ ਸੁਣੀਏ।
ਉਹ ਸਨਾਤਨ ਧਰਮ ਦਾ ਇਕ ਮਿਥਿਹਾਸ ਸੁਣਾ ਰਹੇ ਸਨ,ਬਈ ਬ੍ਰਰਮੇ ਨੇ ਸੰਸਾਰ ਬਣਾਇਆ,ਵਿਸ਼ਨੂੰ ਪਾਲਣਾ ਕਰ ਰਿਹਾ ਹੈ,ਸ਼ਿਵ ਜੀ ਪ੍ਲੈ ਕਰ ਰਿਹਾ ਹੈ। ਵਿਸ਼ਨੂੰ ਦੀ ਗਾਥਾ ਉਹ ਬੜੇ ਸੋਹਣੇ ਢੰਗ ਨਾਲ ਸੁਣਾ ਰਹੇ ਸਨ। ਇਸ ਮਿਥਿਹਾਸ ਨੂੰ ਪੇਸ਼ ਕਰਨ ਦਾ ਉਹਨਾਂ ਦਾ ਆਪਣਾ ਇਕ ਢੰਗ ਸੀ,ਬੜਾ ਸੋਹਣਾ ਤਰੀਕਾ ਸੀ।
ਕਹਿਣ ਲੱਗੇ,
ਜੀਵਾਂ ਦੀ ਬਣਤਰ ਤੋਂ ਬਾਅਦ ਜਦ ਵਿਸ਼ਨੂੰ ਨੇ ਆਪਣਾ ਕੰਮ ਸੰਭਾਲਿਆ,ਬਈ ਸਾਰਿਆਂ ਦੀ ਝੋਲੀ ਵਿਚ ਰਿਜ਼ਕ ਪਾਉਣਾ ਹੈ। ਕਹਿੰਦੇ ਕਿ ਬੜੀਆਂ ਵੱਡੀਆਂ-ਵੱਡੀਆਂ ਲਾਈਨਾਂ ਲੱਗੀਆਂ ਹੋਈਆਂ ਸਨ-
ਪਸ਼ੂਆਂ ਦੀਆਂ,ਪੰਖੀਆਂ ਦੀਆਂ,ਮਨੁੱਖਾਂ ਦੀਆਂ-ਮੈਂ ਵੀ ਉਸੇ ਲਾਈਨ ਵਿਚ ਖੜਾ ਹੋ ਗਿਆ। ਵਿਸ਼ਨੂੰ ਹਰ ਇਕ ਦੀ ਝੋਲੀ ਵਿਚ ਮੁੱਠ ਨਾਲ ਦਾਣੇ ਭਰ ਕੇ ਪਾ ਦਿੰਦੈ। ਹਰ ਇਕ ਦੀ ਝੋਲੀ ਵਿਚ ਉਹਦਾ ਰਿਜ਼ਕ ਪਾ ਦਿੰਦੈ ਅੌਰ ਜੀਵ ਅੱਗੇ ਚਲੇ ਜਾਂਦੇ ਨੇ। ਉਹ ਕਹਿੰਦੇ ਕਿ ਸਹਿਜੇ-ਸਹਿਜੇ ਮੇਰੀ ਵਾਰੀ ਆਈ। ਮੈਂ ਆਪਣੀ ਝੋਲੀ ਅੱਗੇ ਕੀਤੀ। ਵਿਸ਼ਨੂੰ ਨੇ ਦਾਣਿਆਂ ਦੀ ਮੁੱਠ ਭਰੀ ਤੇ ਦੂਰ ਤੱਕ ਖਲਾਰ ਦਿੱਤੀ। ਫਿਰ ਨਾਲ ਹੀ ਆਖਿਆ,ਗਿਆਨੀ ਸਿੰਘ ! ਜਿੱਥੇ-ਜਿੱਥੇ ਹੁਣ ਇਹ ਦਾਣੇ ਖਿੱਲਰੇ ਪਏ ਨੇ,ਚੁਣ ਲੈ। ਗਿਆਨੀ ਜੀ ਕਹਿਣ ਲੱਗੇ ਕਿ ਜਨਮ ਤੋਂ ਲੈ ਕੇ ਹੁਣ ਤੱਕ ਚੁਣਦੇ ਹੀ ਪਏ ਆਂ। ਜਿਸ ਦਿਨ ਦਾਣੇ ਮੁੱਕ ਗਏ,ਉਸ ਦਿਨ ਮਾਨ ਸਿੰਘ ਮੁੱਕ ਜਾਏਗਾ,ਗਿਆਨੀ ਮਾਨ ਸਿੰਘ ਮੁੱਕ ਜਾਏਗਾ।
ਕਿਰਤ ਭਜਾਈ ਫਿਰਦੀ ਹੈ। ਸਾਰੀ ਖੇਡ ਰਿਜ਼ਕ ਦੀ ਹੈ। ਇਸ ਲਈ ਅੈ ਬੰਦੇ ! ਤੇਰਾ ਰਿਜ਼ਕ ਮੁੱਕ ਜਾਵੇ,ਇਸ ਤੋਂ ਪਹਿਲਾਂ-ਪਹਿਲਾਂ ਰਾਜ਼ਿਕ(ਰਿਜ਼ਕ ਦੇਣ ਵਾਲਾ) ਨਾਲ ਸਾਂਝ ਬਣਾ ਲੈ,ਤੇਰਾ ਜਨਮ ਸਫਲ ਹੋ ਜਾਵੇ।
ਗਿਅਾਨੀ ਸੰਤ ਸਿੰਘ ਜੀ ਮਸਕੀਨ
Comments
Post a Comment