ਤਤੀ ਤੋਇ ਨ ਪਲਵੈ ਜੇ ...
ਤਤੀ ਤੋਇ ਨ ਪਲਵੈ ਜੇ ਜਲਿ ਟੁਬੀ ਦੇਇ॥
ਫਰੀਦਾ ਜੋ ਡੋਹਾਗਣਿ ਰਬ ਦੀ ਝੂਰੇਦੀ ਝੁਰੇਇ॥੬੨॥
{ਅੰਗ ੧੩੮੧}
ਬਾਬੇ ਫਰੀਦ ਨੇ ਇਥੇ ਬੜੇ ਗਜ਼ਬ ਦੀ ਤਸ਼ਬੀਹ ਦਿੱਤੀ ਹੈ,
ਉਹ ਕਹਿੰਦੇ ਨੇ,
ਜਿਹੜੀ ਜ਼ਮੀਨ ਸੁੱਕੀ ਪਈ ਹੈ,ਬਿਲਕੁਲ ਸੁੱਕੀ ਪਈ ਏ,ਸੋਕਾ ਪੈ ਚੁੱਕਿਆ ਹੈ,ਪਾਣੀ ਦੇ ਕੇ,ਬਰਖਾ ਜ਼ੋਰ ਦੀ ਹੋ ਜਾਏ,ਉਸ ਜ਼ਮੀਨ ਨੂੰ ਕਾਬਲੇ-ਕਾਸ਼ਤ ਬਣਾਇਆ ਜਾ ਸਕਦਾ ਹੈ।।
ਉਹ ਹਰੀ ਭਰੀ ਹੋ ਸਕਦੀ ਹੈ।
ਪਰ ਜਿਹੜੀ ਖੇਤੀ ਪਾਣੀ ਦੀ ਹੀ ਮਾਰੀ ਹੋਵੇ,ਉਸ ਨੂੰ ਕਿਸ ਤਰਾੑਂ ਠੀਕ ਕਰੋਗੇ?
ਆਪਨੂੰ ਪਤਾ ਹੈ ਪਾਣੀ ਜ਼ਮੀਨ ਨੂੰ ਜ਼ਿੰਦਗੀ ਦਿੰਦਾ ਹੈ,ਪਾਣੀ ਜ਼ਮੀਨ ਨੂੰ ਮਾਰ ਵੀ ਦਿੰਦਾ ਹੈ,ਪਾਣੀ ਵਿਚ ਮੌਤ ਵੀ ਛੁਪੀ ਪਈ ਹੈ :
"ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥"
{ਅੰਗ ੪੭੨}
ਪਰ ਇਹ ਪਾਣੀ ਹੜੑਾਂ ਦੇ ਰੂਪ ਵਿਚ ਆ ਜਾਵੇ ਤਾਂ ਪਿੰਡਾਂ ਦੇ ਪਿੰਡ ਤਬਾਹ ਹੋ ਜਾਂਦੇ ਨੇ ਸ਼ਹਿਰਾਂ ਦੇ ਸ਼ਹਿਰ ਗਰਕ ਹੋ ਜਾਂਦੇ ਨੇ। ਪਾਣੀ ਜਗਤ ਦਾ ਜੀਵਨ ਹੈ,ਪਾਣੀ ਜਗਤ ਦੀ ਮੌਤ ਵੀ ਬਣ ਸਕਦਾ ਹੈ,ਐਸਾ ਹੈ। ਪਾਣੀ ਨਾਲ ਜ਼ਮੀਨ ਹਰੀ ਭਰੀ ਹੁੰਦੀ ਹੈ,ਪਾਣੀ ਨਾਲ ਜ਼ਮੀਨ ਮਰ ਵੀ ਜਾਂਦੀ ਹੈ। ਬਹੁਤ ਸਾਰੀਆਂ ਖੇਤੀਆਂ ਨੇ ਜੋ ਪਾਣੀ ਨਾਲ ਮਰੀਆਂ ਹੋਈਆਂ ਨੇ,ਸੇਮ ਲੱਗ ਜਾਂਦਾ ਹੈ। ਪਾਣੀ ਮਾਰ ਜਾਂਦਾ ਹੈ।
ਖਿਮਾ ਕਰਨੀ ,ਗਿਆਨ ਨਵੀਂ ਜਿੰਦਗੀ ਦਿੰਦਾ ਹੈ,ਪਰ ਕਈ ਬੰਦਿਆਂ ਨੂੰ ਗਿਆਨ ਹੀ ਮਾਰ ਜਾਂਦਾ ਹੈ। ਗੁਰਦੁਆਰੇ ਤੋਂ ਨਵੀਂ ਜ਼ਿੰਦਗੀ ਮਿਲਦੀ ਏ,ਪਰ ਕਈ ਗੁਰਦੁਆਰੇ ਆ ਕੇ ਕਥਾ ਕੀਰਤਨ ਸੁਣ ਕੇ ਇੰਜ ਹੋ ਜਾਂਦੇ ਨੇ ਜਿਵੇਂ ਕੀ ਪਾਣੀ ਦੀ ਮਾਰੀ ਹੋਈ ਜ਼ਮੀਨ।
ਬਈ ਜਿਸ ਪਾਣੀ ਨੇ ਹਰਾ ਭਰਾ ਕਰਨਾ ਸੀ ਉਸ ਤੋਂ ਹੀ ਇਸ ਨੇ ਮੌਤ ਲੈ ਲਈ।
ਗਿਆਨੀ ਸੰਤ ਸਿੰਘ ਜੀ ਮਸਕੀਨ
Comments
Post a Comment